ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ ਅੱਜ ਦਾ ਮੁੱਖਵਾਕ 7.4.2012, ਸ਼ਨੀਵਾਰ , ੨੫ ਚੇਤ (ਸੰਮਤ ੫੪੪ ਨਾਨਕਸ਼ਾਹੀ) ਰਾਗੁ ਬਿਹਾਗੜਾ ਮਹਲਾ ੫ ॥ ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ (ਅੰਗ ੫੪੨) ਪੰਜਾਬੀ ਵਿਚ ਵਿਆਖਿਆ :- (ਹੇ ਭਾਈ!) ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ। ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ। ਹੇ ਦਿਆਲ ਗੋਬਿੰਦ! ਹੇ ਗੋਪਾਲ ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ। ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ। ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ। ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ।੧। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ. |
No comments:
Post a Comment